sports and exercise are important and better than health clubs - Sachi Shiksha

ਹੈਲਥ ਕਲੱਬਾਂ ਤੋਂ ਬਿਹਤਰ ਹੈ ਖੇਡ ਅਤੇ ਕਸਰਤ
ਕਸਰਤ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ ਖੇਡ ਤਾਂ ਬੱਚਿਆਂ ਦੀ ਪਹਿਚਾਣ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਹ ਦੋਵੇਂ ਚੀਜ਼ਾਂ ਅੱਜ-ਕੱਲ੍ਹ ਦੇ ਰਹਿਣ ਸਹਿਣ ਦਾ ਇੱਕ ਹਿੱਸਾ ਨਹੀਂ ਹਨ ਅੱਜ-ਕੱਲ੍ਹ ਕਸਰਤ ਅਤੇ ਖੇਡਾਂ ਵੀ ਰਈਸ ਲੋਕਾਂ ਦਾ ਫੈਸ਼ਨ ਹੋ ਗਿਆ ਹੈ ਹਾਂ, ਮਾਂ-ਬਾਪ ਨੂੰ ਇਹ ਅਹਿਸਾਸ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੁੱਲ੍ਹੇ ਮੈਦਾਨ ਅਤੇ ਖੇਡਣ ਦਾ ਮੌਕਾ ਨਹੀਂ ਦੇ ਸਕਦੇ, ਇਸ ਲਈ ਉਹ ਉਨ੍ਹਾਂ ਨੂੰ ਮਹਿੰਗੇ ਹੈਲਥ ਕਲੱਬਾਂ ’ਚ ਭਰਤੀ ਕਰ ਦਿੰਦੇ ਹਨ ਅਤੇ ਬੱਚਿਆਂ ਨੂੰ ਮਜ਼ਬੂਰ ਕੀਤਾ ਜਾਂਦਾ ਹੈ ਕਿ ਉਹ ਉੱਥੇ ਜਾਣ ਇਹ ਬਿਲਕੁਲ ਗਲਤ ਹੈ

ਕਸਰਤ ਕਰਨ ਦਾ ਜੋ ਫਾਇਦਾ ਬੱਚਿਆਂ ਨੂੰ ਆਪਣੇ ਸਾਥੀਆਂ ਦੇ ਨਾਲ ਖੇਡਦੇ ਹੁੰਦਾ ਹੈ, ਉਹ ਫਾਇਦਾ ਜ਼ਬਰਦਸਤੀ ਇੱਕ ਹੈਲਥ ਕਲੱਬ ’ਚ ਭੇਜ ਕੇ ਹੋ ਹੀ ਨਹੀਂ ਸਕਦਾ ਖੇਡਾਂ ਤਾਂ ਬਚਪਨ ਦਾ ਹਿੱਸਾ ਹਨ ਅਤੇ ਇਹ ਸਭ ਵਧਦੇ ਬੱਚਿਆਂ ਦੇ ਜੀਵਨ ਦਾ ਆਮ ਕਾਰਜ ਹੈ ਤਾਂ ਕਿਉਂ ਅਸੀਂ ਇਸ ਨੂੰ ਇੱਕ ਕੰਮ ਵਾਂਗ ਬੱਚਿਆਂ ’ਤੇ ਥੋਪ ਰਹੇ ਹਾਂ?

ਜੇਕਰ ਤੁਸੀਂ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਚਾਹੁੰਦੇ ਹੋ ਤਾਂ ਖੇਡਾਂ ਅਤੇ ਕਸਰਤ ਉਨ੍ਹਾਂ ਦੇ ਜੀਵਨ ਦਾ ਅੰਗ ਹੋਣਾ ਚਾਹੀਦਾ ਹੈ ਇਨ੍ਹਾਂ ਦੋਵਾਂ ਚੀਜ਼ਾਂ ਦੀ ਆਦਤ ਬਚਪਨ ’ਚ ਹੀ ਬੱਚਿਆਂ ਨੂੰ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਨ੍ਹਾਂ ਚੀਜ਼ਾਂ ਦੀ ਆਦਤ ਨਹੀਂ ਪਾਉਂਦੇ ਤਾਂ ਤੁਸੀਂ ਉਨ੍ਹਾਂ ਦੇ ਨਾਲ ਇਨਸਾਫ ਨਹੀਂ ਕਰ ਰਹੇ ਅਤੇ ਇਸ ਦੀ ਸ਼ੁਰੂਆਤ ਤੁਹਾਡੇ ਤੋਂ ਹੀ ਹੁੰਦੀ ਹੈ ਜੇਕਰ ਉਹ ਦੇਖਦੇ ਹਨ ਕਿ ਆਪ ਨਾ ਤਾਂ ਸੈਰ ’ਤੇ ਜਾਂਦੇ ਹੋ, ਨਾ ਕਿਤੇ ਘੁੰਮਣ ਜਾਂਦੇ ਹੋ ਅਤੇ ਸਿਰਫ ਟੈਲੀਵੀਜ਼ਨ ਦੇਖਦੇ ਰਹਿੰਦੇ ਹੋ ਤਾਂ ਉਹ ਵੀ ਇਹੀ ਕੁਝ ਸਿੱਖਦੇ ਹਨ

ਤੁਹਾਨੂੰ ਵੀ ਸੈਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂ ਨਾ ਤੁਸੀਂ ਅੱਜ ਤੋਂ ਹੀ ਸ਼ੁਰੂ ਕਰੋ? ਤੁਹਾਡੇ ਘਰ ਦੇ ਨਜ਼ਦੀਕ ਕੋਈ ਤਾਂ ਖੁੱਲ੍ਹਾ ਮੈਦਾਨ ਜਾਂ ਸੈਰ ਕਰਨ ਦੀ ਜਗ੍ਹਾ ਹੋਵੇਗੀ ਤੁਹਾਨੂੰ ਰੋਜ਼ ਕੁਝ ਸਮਾਂ ਖਾਲੀ ਕੱਢ ਕੇ ਬੱਚਿਆਂ ਦੇ ਨਾਲ ਉੱਥੇ ਜਾਣਾ ਚਾਹੀਦਾ ਹੈ ਜੇਕਰ ਤੁਹਾਡੇ ਬੱਚੇ ਛੋਟੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਝੂਲੇ ਆਦਿ ’ਤੇ ਖੇਡਣ ਦਿਓ ਦੂਜੇ ਬੱਚਿਆਂ ਦੇ ਨਾਲ ਉਨ੍ਹਾਂ ਨੂੰ ਖੇਡਣ ਭੇਜੋ ਜਿਸ ਨਾਲ ਉਹ ਭੱਜ-ਦੌੜ ਅਤੇ ਆਪਣੇ ਹਮਉਮਰ ਬੱਚਿਆਂ ਨਾਲ ਖੂਬ ਖੇਡ ਸਕਣ ਇਸ ਤੋਂ ਇਲਾਵਾ ਤੁਹਾਨੂੰ ਵੀ ਉਨ੍ਹਾਂ ਦੇ ਨਾਲ ਪਾਰਕ ’ਚ ਜਾ ਕੇ ਸੈਰ ਕਰਨੀ ਚਾਹੀਦੀ ਹੈ

ਬੱਚਿਆਂ ਨੂੰ ਸਾਈਕਲ ਚਲਾਉਣ ਦਾ, ਤੈਰਨ ਦਾ ਅਤੇ ਭੱਜਣ ਦਾ ਸ਼ੌਂਕ ਪਾਓ ਅਤੇ ਉਨ੍ਹਾਂ ਨੂੰ ਬਾਜ਼ਾਰ ਦੇ ਕੰਮ ਲਈ ਪੈਦਲ ਭੇਜੋ ਹਮੇਸ਼ਾ ਆਪਣੇ ਬੱਚਿਆਂ ਨੂੰ ਮੋਟਰਗੱਡੀ ’ਚ ਘੁੰਮਣ ਦੀ ਆਦਤ ਨਾ ਪਾਓ

ਕਸਰਤ ਦਾ ਇੱਕ ਸਮਾਂ ਤੈਅ ਕਰੋ

ਜੇਕਰ ਤੁਸੀਂ ਦੋਵੇਂ ਮਾਂ-ਬਾਪ ਕੰਮ ਕਰਦੇ ਹੋ ਅਤੇ ਦੇਰ ਨਾਲ ਵਾਪਸ ਆਉਂਦੇ ਹੋ, ਉਦੋਂ ਵੀ ਇਹ ਜ਼ਰੂਰੀ ਹੈ ਕਿ ਤੁਸੀਂ ਕੁਝ ਸਮਾਂ ਤਾਂ ਉਨ੍ਹਾਂ ਨਾਲ ਬਿਤਾਓ ਚਾਹ ਪੀ ਕੇ ਜਾਂ ਫਿਰ ਰਾਤ ਦਾ ਭੋਜਨ ਜਲਦੀ ਲੈ ਕੇ ਵੀ ਤੁਸੀਂ ਬੱਚਿਆਂ ਦੇ ਨਾਲ ਸੈਰ ’ਤੇ ਜਾ ਪਾਰਕ ’ਚ ਜਾ ਸਕਦੇ ਹੋ
ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਬੱਚਿਆਂ ਨੂੰ ਦੋ ਘੰਟੇ ਤੋਂ ਜ਼ਿਆਦਾ ਟੈਲੀਵੀਜ਼ਨ ਨਾ ਦੇਖਣ ਦਿਓ ਅਤੇ ਇਸ ਦਾ ਵੀ ਸਹੀ ਸਮਾਂ ਹੋਣਾ ਚਾਹੀਦਾ ਹੈ ਸਕੂਲ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਕਰਕੇ ਜਾਂ ਤਾਂ ਆਰਾਮ ਕਰਨਾ ਚਾਹੀਦਾ ਹੈ ਜਾਂ ਫਿਰ ਘਰ ਦੇ ਕੰਮ ਆਦਿ ਜ਼ਿਆਦਾ ਹਨ ਤਾਂ ਉਹ ਕਰਕੇ ਸ਼ਾਮ ਨੂੰ ਜ਼ਰੂਰ ਬਾਹਰ ਨਿਕਲ ਜਾਣਾ ਚਾਹੀਦਾ ਹੈ, ਫਿਰ ਚਾਹੇ ਉਹ ਦੋਸਤਾਂ ਦੇ ਨਾਲ ਸੈਰ ਕਰਨ ਜਾਣ, ਪਾਰਕ ’ਚ ਖੇਡਣ ਜਾਂ ਸਾਈਕਲ ਚਲਾਉਣ ਜਾਂ ਹੋਰ ਕੋਈ ਅਜਿਹਾ ਕੰਮ ਕਰੇ ਜਿਸ ਨਾਲ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੋਵੇ

ਸਕੂਲ ’ਚ ਬੱਚਿਆਂ ਨੂੰ ਖੇਡਣ ’ਚ ਹਿੱਸਾ ਲੈਣ ਨੂੰ ਪ੍ਰੇਰਿਤ ਕਰੋ ਜੇਕਰ ਘਰ ਦੇ ਕੋਲ ਕੋਈ ਖੇਡ ਕੇਂਦਰ ਹੈ ਜਿੱਥੇ ਬਾਸਕਿਟਬਾਲ, ਕ੍ਰਿਕਟ ਜਾਂ ਕੋਈ ਹੋਰ ਖੇਡ ਸਿਖਾਇਆ ਜਾਂਦਾ ਹੈ ਤਾਂ ਬੱਚਿਆਂ ਨੂੰ ਉੱਥੇ ਜ਼ਰੂਰ ਭਰਤੀ ਕਰੋ ਇਸ ਨਾਲ ਬੱਚੇ ਨਾ ਸਿਰਫ਼ ਕਿਸੇ ਖੇਡ ਨੂੰ ਸਹੀ ਢੰਗ ਨਾਲ ਸਿੱਖ ਪਾਉਣਗੇ ਸਗੋਂ ਉਹ ਆਪਣੀ ਸਿਹਤ ਦਾ ਵਿਕਾਸ ਵੀ ਕਰਨਗੇ ਪਰ ਇੱਕ ਗੱਲ ਦਾ ਧਿਆਨ ਰਹੇ, ਕਦੇ ਵੀ ਆਪਣੇ ਬੱਚਿਆਂ ’ਤੇ ਇਸ ਗੱਲ ਦਾ ਜ਼ੋਰ ਨਾ ਪਾਓ ਕਿ ਉਹ ਕਿਹੜਾ ਖੇਡ ਅਪਣਾਉਣ ਜਾਂ ਕੀ ਖੇਡਣ ਤੁਸੀਂ ਸਿਰਫ਼ ਬੱਚਿਆਂ ਨੂੰ ਪੇ੍ਰਰਿਤ ਕਰ ਸਕਦੇ ਹੋ ਉਨ੍ਹਾਂ ਨਾਲ ਜ਼ਬਰਦਸਤੀ ਨਾ ਕਰੋ

ਕਸਰਤ ਅਤੇ ਖੇਡਾਂ ਦੇ ਮਹੱਤਵ ਨੂੰ ਸਮਝਦੇ ਹੋਏ ਕਈ ਸ਼ਹਿਰਾਂ ’ਚ ਵੱਡੇ-ਵੱਡੇ ਮੈਦਾਨਾਂ ਨੂੰ ਖੇਡਾਂ ਲਈ ਬਣਾਇਆ ਜਾ ਰਿਹਾ ਹੈ ਜਿਵੇਂ ਕਿ ਮੈਂ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਦੇਖਿਆ ਉੱਥੇ ਸ਼ਾਮ ਨੂੰ ਬੁੱਢੇ, ਜਵਾਨ ਲੋਕ ਅਤੇ ਬੱਚੇ ਸਭ ਆਉਂਦੇ ਹਨ ਮਾਂ-ਬਾਪ ਸੈਰ ਕਰਦੇ ਹਨ ਅਤੇ ਕਈ ਲੋਕ ਉੱਥੇ ਬੱਚਿਆਂ ਨੂੰ ਜੁੱਡੋ-ਕਰਾਟੇ ਸਿਖਾਉਂਦੇ ਹਨ ਤਾਂ ਕੁਝ ਲੋਕ ਬੱਚਿਆਂ ਨੂੰ ਕ੍ਰਿਕਟ ਦੀ ਸਿੱਖਿਆ ਦੇ ਰਹੇ ਹਨ ਇੱਕ ਕੋਨੇ ’ਚ ਨੈੱਟ ਲਾ ਕੇ ਬੱਚੇ ਬਾਸਕਿਟਬਾਲ ਸਿੱਖ ਰਹੇ ਹਨ

ਅੱਜ-ਕੱਲ੍ਹ ਮੁੰਬਈ ਵਰਗੇ ਹਰ ਵੱਡੇ ਸ਼ਹਿਰ ’ਚ ਘਰ ਛੋਟੇ ਹੁੰਦੇ ਜਾ ਰਹੇ ਹਨ ਅਤੇ ਸ਼ਹਿਰਾਂ ’ਚ ਮੈਦਾਨਾਂ ਦੀ ਗਿਣਤੀ ਵੀ ਘੱਟ ਹੁੰਦੀ ਜਾ ਰਹੀ ਹੈ ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸਰਕਾਰ ਵੀ ਅਜਿਹੇ ਮੈਦਾਨ ਜਾਂ ਖੁੱਲ੍ਹੀਆਂ ਥਾਵਾਂ ਬੱਚਿਆਂ ਦੇ ਖੇਡਣ ਲਈ ਬਣਾਉਣ
ਧਿਆਨ ’ਚ ਰਹੇ ਕਿ ਸਿਹਤ ਖਰੀਦੀ ਨਹੀਂ ਜਾ ਸਕਦੀ ਬੱਚਿਆਂ ਨੂੰ ਮਹਿੰਗੀਆਂ-ਮਹਿੰਗੀਆਂ ਕਸਰਤ ਕਰਨ ਵਾਲੀਆਂ ਜਗ੍ਹਾਵਾਂ ’ਚ ਭੇਜਣ ਨਾਲ ਉਹ ਸਿਹਤਮੰਦ ਨਹੀਂ ਹੋ ਜਾਣਗੇ ਜੇਕਰ ਉਹ ਖੁਦ ਹੀ ਖੇਡਾਂ ਦੀ ਆਦਤ ਪਾਉਣ ਅਤੇ ਕਸਰਤ ਕਰਨਾ ਪਸੰਦ ਕਰਨ ਤਾਂ ਉਹ ਖੁਦ ਆਪਣੇ ਆਪ ਨੂੰ ਫੁਰਤੀਲਾ ਅਤੇ ਤੇਜਸਵੀ ਪਾਉਣਗੇ
ਅੰਬਿਕਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ