do not instill fear in children

ਬੱਚਿਆਂ ’ਚ ਡਰ ਪੈਦਾ ਨਾ ਕਰੋ
ਅੱਜ ਹਰ ਘਰ ਪਰਿਵਾਰ ’ਚ 2-4 ਬੱਚੇ ਜ਼ਰੂਰ ਮਿਲਣਗੇ ਚਾਹੇ ਉਹ ਪਰਿਵਾਰ ਪੜਿ੍ਹਆ-ਲਿਖਿਆ ਹੋਵੇ ਜਾਂ ਅਨਪੜ੍ਹ ਹੋਵੇ ਬੱਚਿਆਂ ਨੂੰ ਰੋਣ ’ਤੇ ਕਈ ਤਰ੍ਹਾਂ ਦੇ ਚੁੱਪ ਕਰਾਉਣ ਦੇ ਉਪਾਅ ਕੀਤੇ ਜਾਂਦੇ ਹਨ ਬੱਚਿਆਂ ਦੇ ਰੋਣ ਦੇ ਵੀ ਕਈ ਕਾਰਨ ਹੁੰਦੇ ਹਨ ਪਰ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਹਰ ਘਰੇਲੂ ਔਰਤ ਜਾਂ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਜ਼ਿਆਦਾਤਰ ਇੱਕ ਹੀ ਰਸਤਾ ਅਪਣਾਉਂਦਾ ਹੈ ਭਾਵ ਰੋਂਦੇ ਬੱਚੇ ਨੂੰ ਡਰਾਉਣਾ, ਡਾਂਟਣਾ ਅਤੇ ਕੁੱਟਣਾ

ਇਨ੍ਹਾਂ ਸਾਰਿਆਂ ’ਚੋਂ ਬੱਚੇ ਨੂੰ ਡਰਾਉਣਾ ਸਭ ਤੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਜੋ ਅੱਗੇ ਚੱਲ ਕੇ ਉਸ ਦੇ ਮਨ ਦਿਮਾਗ ’ਚ ਘਰ ਬਣਾ ਲੈਂਦਾ ਹੈ ਅਤੇ ਫਿਰ ਉਹ ਬੱਚਾ ਵੱਡਾ ਹੋਣ ’ਤੇ ਵੀ ‘ਡਰ’ ਦੇ ਨਾਲ ਜੀਵਨ ਬਿਤਾਉਂਦਾ ਹੈ ਅਜਿਹੇ ’ਚ ਡਰ ਦੇ ਨਾਲ ਜੀਅ ਰਿਹਾ ਬੱਚਾ ਵੱਡਾ ਹੋਣ ’ਤੇ ਵੀ ਕੁਝ ਕਰ ਸਕਣ ’ਚ ਅਸਫਲਤਾ ਦਾ ਮੂੰਹ ਦੇਖਦਾ ਹੈ ਜਿਸ ਨਾਲ ਉਸ ਨੂੰ ਮਾਨਸਿਕ ਸੱਟ ਪਹੁੰਚਦੀ ਹੈ

ਅਕਸਰ ਦੇਖਿਆ ਗਿਆ ਹੈ ਕਿ ਰੋਂਦੇ ਹੋਏ ਬੱਚੇ ਨੂੰ ਚੁੱਪ ਕਰਾਉਣ ਲਈ ਭਿਆਨਕ, ਕਾਲਪਨਿਕ ਗੱਲਾਂ ਸੁਣਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ ਜੋ ਬੱਚੇ ਦੇ ਮਨ ਨੂੰ ਝਿੰਜੋੜ ਦਿੰਦੀਆਂ ਹਨ ਬੱਚਿਆਂ ’ਚ ਉਸ ਸਮੇਂ ਤਾਂ ਇਹ ਗੱਲਾਂ ਅਸਥਾਈ ਹੁੰਦੀਆਂ ਹਨ ਪਰ ਬੱਚਿਆਂ ਦੇ ਕੋਮਲ ਮਨ ’ਤੇ ਇਨ੍ਹਾਂ ਗੱਲਾਂ ਦਾ ਬਹੁਤ ਬੁਰਾ ਅਸਰ ਪੈਂਦਾ ਹੈ ਉਸ ਸਮੇਂ ਤਾਂ ਮਾਂ-ਬਾਪ ਜਾਂ ਪਰਿਵਾਰ ਦਾ ਕੋਈ ਮੈਂਬਰ ਇਹ ਨਹੀਂ ਸੋਚਦਾ ਕਿ ਇਨ੍ਹਾਂ ਡਰਾਵਨੀਆਂ ਗੱਲਾਂ ਦਾ ਬੱਚੇ ਦੇ ਦਿਮਾਗ ’ਤੇ ਕੀ ਅਸਰ ਪੈ ਸਕਦਾ ਹੈ ਬਸ ਬੱਚਾ ਕਿਸੇ ਤਰ੍ਹਾਂ ਚੁੱਪ ਹੋ ਜਾਵੇ

ਬੱਚਿਆਂ ਦੇ ਬਾਲ ਮਨ ’ਚ ਡਰਾਵਨੀਆਂ ਅਤੇ ਭਿਆਨਕ ਤੇ ਕਾਲਪਨਿਕ ਗੱਲਾਂ ਘਰ ਬਣਾ ਲੈਂਦੀਆਂ ਹਨ ਅਤੇ ਬੱਚਿਆਂ ਦੇ ਮਨ ’ਚ ਇਨ੍ਹਾਂ ਸਭ ਦਾ ‘ਡਰ’ ਬੈਠ ਜਾਂਦਾ ਹੈ ਜੋ ਵੱਡੇ ਹੋ ਕੇ ਵੀ ਨਹੀਂ ਨਿਕਲ ਪਾਉਂਦਾ ਅਤੇ ਫਿਰ ਉਹ ‘ਡਰ’ ਬੱਚਿਆਂ ’ਚ ਕਈ ਤਰ੍ਹਾਂ ਦੀਆਂ ਮਾਨਸਿਕ ਵਿਕ੍ਰਤੀਆਂ ਨੂੰ ਪੈਦਾ ਕਰ ਦਿੰਦਾ ਹੈ ਬੱਚਿਆਂ ਨੂੰ ਸਵਾਉਣ ਸਮੇਂ ਲੋਰੀ ਜਾਂ ਰਾਜਾ-ਮਹਾਰਾਜਾ ਦੀਆਂ ਕਹਾਣੀਆਂ ਵੀ ਸੁਣਾ ਕੇ ਸੁਵਾ ਦਿੱਤਾ ਜਾਂਦਾ ਸੀ ਪਰ ਹੁਣ ਇਹ ਲੋਰੀ, ਕਹਾਣੀ ਕੱਲ੍ਹ ਦੀ ਗੱਲ ਬਣ ਕੇ ਰਹਿ ਗਈ ਹੈ


ਅੱਜ-ਕੱਲ੍ਹ ਤਾਂ ਮਾਪੇ ਬੱਚਿਆਂ ਨੂੰ ਭੂਤ-ਪ੍ਰੇਤ, ਸੁਪਰਮੈਨ, ਰਾਕਸ਼, ਚੁਡੈਲਾਂ, ਸ਼ੇਰ ਆ ਜਾਵੇਗਾ, ਬਿਜਲੀ ਡਿੱਗ ਜਾਵੇਗੀ ਵਰਗੀਆਂ ਡਰਾਵਨੀਆਂ ਗੱਲਾਂ ਸੁਣਾਉਣਾ ਹੀ ਪਸੰਦ ਕਰਦੇ ਹਨ ਜਦਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਬੱਚਿਆਂ ਦੇ ਮਨ ਨੂੰ ਡਰਾਉਂਦੀਆਂ ਹਨ
ਅਕਸਰ ਦੇਖਿਆ ਗਿਆ ਹੈ ਕਿ ਜਵਾਨ ਹੋਣ ’ਤੇ ਵੀ ਲੜਕੇ ਹਨੇ੍ਹਰੇ ’ਚ ਜਾਣ ਤੋਂ ਘਬਰਾਉਂਦੇ ਹਨ ਅਤੇ ਹਲਕੀ ਆਹਟ ਹੋਣ ’ਤੇ ਵੀ ਉਹ ਪਸੀਨਾ-ਪਸੀਨਾ ਹੋ ਜਾਂਦੇ ਹਨ ਅਤੇ ਸਰੀਰ ’ਚ ਵੀ ਕੰਬਣੀ ਜਿਹੀ ਛਿੜ ਜਾਂਦੀ ਹੈ

ਇਨ੍ਹਾਂ ਸਾਰੀਆਂ ਗੱਲਾਂ ਦਾ ਕਾਰਨ ਡਰਾਵਨੀਆਂ ਕਹਾਣੀਆਂ ਅਤੇ ਗੱਲਾਂ ਹੀ ਹੁੰਦਾ ਹੈ ਅਤੇ ਬੱਚਾ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਹੈ ਉਸ ਨੂੰ ਉਸੇ ਹਿਸਾਬ ਨਾਲ ਇਨ੍ਹਾਂ ਗੱਲਾਂ ਨੂੰ ਗਹਿਰਾਈ ਨਾਲ ਲੈਣ ਲਗਦਾ ਹੈ ਅਤੇ ਡਰ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਅਤੇ ਫਿਰ ਇਹ ਡਰ ਨਹੀਂ ਨਿਕਲ ਪਾਉਂਦਾ

ਅੱਜ ਵੀ ਕਈ ਲੜਕੇ, ਲੜਕੀਆਂ ਬਿੱਲੀ, ਕਿਰਲੀ, ਇੰਜ਼ੈਕਸ਼ਨ ਜਾਂ ਫਿਰ ਬਿਜਲੀ ਤੋਂ ਪੂਰੀ ਤਰ੍ਹਾਂ ਡਰਦੇ ਹਨ ਇਹ ਸਭ ਬਚਪਨ ’ਚ ਮਾਂ-ਬਾਪ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਡਰਾਏ ਜਾਣ ਦਾ ਹੀ ਨਤੀਜਾ ਹੁੰਦਾ ਹੈ

ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਰਾਤ ਨੂੰ ਸੌਂਦੇ ਸਮੇਂ ਭੂਤ-ਪ੍ਰੇਤ ਦੀਆਂ ਗੱਲਾਂ ਨਾ ਕਰਨ, ਦੁੱਧ ਪਿਆਉਣ ਜਾਂ ਕੋਈ ਵੀ ਛੋਟਾ-ਮੋਟਾ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਕਾਲਪਨਿਕ ਗੱਲਾਂ ਕਹਿ ਕੇ ਡਰਾਇਆ ਨਾ ਕਰਨ ਸਗੋਂ ਉਨ੍ਹਾਂ ਨੂੰ ਮਹਾਂਪੁਰਸ਼ਾਂ ਦੀ ਦਲੇਰੀਆਂ ਦੀਆਂ ਗੱਲਾਂ ਦੱਸ ਕੇ ਦਲੇਰ ਬਣਨ ਦੀ ਪ੍ਰੇਰਨਾ ਦਿਓ

ਬੱਚਿਆਂ ਨੂੰ ਦਲੇਰੀ ਦੀ ਪ੍ਰੇਰਨਾ ਅਤੇ ਮਹਾਂਪੁਰਸ਼ਾਂ ਦੀਆਂ ਗੱਲਾਂ ਸਾਹਸੀ ਅਤੇ ਨਿਡਰ ਬਣਾਉਂਦੀਆਂ ਹਨ-ਬੱਚਿਆਂ ’ਚ ਭਗਤੀ ਗਥਾਵਾਂ, ਬਹਾਦਰੀ ਦੀਆਂ ਕਹਾਣੀਆਂ ਅਤੇ ਆਤਮਬਲ ਵਧਾਉਣ ਵਾਲੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਹਨ ਇਨ੍ਹਾਂ ਸਭ ਨਾਲ ਬੱਚਿਆਂ ’ਚ ਆਤਮਵਿਸ਼ਵਾਸ ਤਾਂ ਵਧੇਗਾ ਹੀ, ਨਾਲ ਹੀ ਚੰਗੀ ਪ੍ਰੇਰਨਾ ਵੀ ਮਿਲੇਗੀ ਅਤੇ ਬੱਚਾ ਸਾਹਸੀ ਬਣੇਗਾ

ਬੱਚਿਆਂ ’ਚ ਭਿਆਨਕ ਗੱਲਾਂ, ਡਰਾਵਨੀਆਂ ਕਹਾਣੀਆਂ ਅਤੇ ਜ਼ਰੂਰਤ ਤੋਂ ਜ਼ਿਆਦਾ ਡਰਾਉਣਾ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਬਣਾ ਦਿੰਦਾ ਹੈ

ਬੱਚਿਆਂ ਨੂੰ ਚੰਗਾ ਸੰਸਕਾਰਮਈ ਬਣਾਓ, ਉਨ੍ਹਾਂ ’ਚ ਡਰ ਪੈਦਾ ਨਾ ਕਰੋ, ਆਤਮਵਿਸ਼ਵਾਸ ਦੀ ਭਾਵਨਾ ਜਾਗ੍ਰਤ ਕਰੋ, ਤਾਂ ਹੀ ਤੁਹਾਡਾ ਬੱਚਾ ਨਿਡਰ ਅਤੇ ਸਾਹਸੀ ਬਣੇਗਾ ਜੋ ਵੱਡਾ ਹੋ ਕੇ ਵੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਨਹੀਂ ਘਬਰਾਏਗਾ ਅਤੇ ਆਪਣੇ ਕੰਮਾਂ ’ਚ ਸਫਲਤਾ ਪ੍ਰਾਪਤ ਕਰ ਸਕੇਗਾ
(ਉਰਵਸ਼ੀ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ